ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੂੰ ਅਹਿਮ ਕਾਮਯਾਬੀ ਮਿਲੀ ਹੈ। ਡੀਆਰਡੀਓ ਨੇ ਐਂਟੀਬਾਡੀ ਦੀ ਜਾਂਚ ਲਈ ਡਿਪਕੋਵੈਨ (Dipcovan) ਕਿੱਟ ਬਣਾਈ ਹੈ। ਡੀਆਰਡੀਓ ਮੁਤਾਬਕ ਇਹ ਕਿੱਟ ਸਰੀਰ ਵਿਚ SARS-CoV-2 ਦੇ ਵਾਇਰਸ ਅਤੇ ਇਸ ਨਾਲ ਲੜਨ ਵਾਲੇ ਪ੍ਰੋਟੀਨ ਨਿਊਕਲੀਓ ਕੈਪਸਿੱਡ (S&N) ਦੋਵਾਂ ਦੀ ਮੌਜੂਦਗੀ ਦਾ ਪਤਾ ਲਗਾ ਸਕਦੀ ਹੈ। ਇਹ 97% ਦੀ ਉੱਚ ਸੰਵੇਦਨਸ਼ੀਲਤਾ ਅਤੇ 99% ਨਿਰਧਾਰਨ ਦੇ ਨਾਲ ਸਿਰਫ਼ 75 ਰੁਪਏ ਦੀ ਕੀਮਤ ਅਤੇ 75 ਮਿੰਟ ਵਿਚ ਤੁਹਾਡੀ ਰਿਪੋਰਟ ਦੇ ਦੇਵੇਗੀ।
ਆਈਸੀਐਮਆਰ ਨੇ ਅਪ੍ਰੈਲ ਵਿਚ ਡਿਪਕੋਵੈਨ ਕਿੱਟ ਨੂੰ ਮਨਜ਼ੂਰੀ ਦਿੱਤੀ ਅਤੇ ਇਸੇ ਮਹੀਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਇਸ ਦੇ ਨਿਰਮਾਣ ਅਤੇ ਬਾਜ਼ਾਰ ਵਿਚ ਵੇਚੇ ਜਾਣ ਦੀ ਮਨਜ਼ੂਰੀ ਦਿੱਤੀ ਹੈ।
ਕਿੱਟ ਨੂੰ ਡੀਆਰਡੀਓ ਦੀ ਲੈਬ ਡਿਫੈਂਸ ਇੰਸਟੀਚਿਊਟ ਆਫ ਫਿਜ਼ੀਓਲੋਜੀ ਐਂਡ ਅਲਾਈਡ ਸਾਇੰਸਜ਼ ਲੈਬਾਰਟਰੀ ਨੇ ਦਿੱਲੀ ਦੀ ਇਕ ਨਿਜੀ ਕੰਪਨੀ ਵੈਨਗਾਰਡ ਡਾਇਗਨੋਸਟਿਕ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਇਹ ਪੂਰੀ ਤਰ੍ਹਾਂ ਸਵਦੇਸ਼ੀ ਕਿੱਟ ਹੈ।
ਜਾਣਕਾਰੀ ਮੁਤਾਬਕ ਇਹ ਜੂਨ ਦੇ ਪਹਿਲੇ ਹਫ਼ਤੇ ਵਿਚ ਬਾਜ਼ਾਰ ’ਚ ਆ ਜਾਵੇਗੀ। ਫਿਲਹਾਲ ਇਸ ਕਿੱਟ ਨੂੰ 1000 ਤੋਂ ਜ਼ਿਆਦਾ ਮਰੀਜ਼ਾਂ ਉੱਤੇ ਟੈਸਟ ਕੀਤਾ ਜਾਵੇਗਾ।
ਲਾਂਚਿੰਗ ਸਮੇਂ ਕਰੀਬ 100 ਕਿੱਟਾਂ ਉਪਲਬਧ ਹੋਣਗੀਆਂ। ਇਸ ਨਾਲ ਕਰੀਬ 10 ਹਜ਼ਾਰ ਲੋਕਾਂ ਦੀ ਜਾਂਚ ਹੋਵੇਗੀ ਅਤੇ ਇਸ ਤੋਂ ਬਾਅਦ ਹਰ ਮਹੀਨੇ 500 ਕਿੱਟਾਂ ਦਾ ਨਿਰਮਾਣ ਹੋਵੇਗਾ।
ਇਸ ਤੋਂ ਪਹਿਲਾਂ ਡੀਆਰਡੀਓ ਕੋਰੋਨਾ ਦੀ ਪਹਿਲੀ ਦਵਾਈ 2-ਡੀਜੀ ਲਾਂਚ ਕੀਤੀ ਸੀ। ਸੰਗਠਨ ਅਨੁਸਾਰ 2-ਡੀਜੀ ਦਵਾਈ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਜ਼ਰੂਰਤ ਨੂੰ ਘੱਟ ਕਰੇਗੀ।